Sangrand by Davinder Singh Dhaliwal

ਇਕੋਤਰ ਸੋ’ ਰਚਨਾਵਾਂ ਨਾਲ ਸਜੀ ’ਸੰਗਰਾਂਦ’

ਸੰਗਰਾਂਦ ਕਿਤਾਬ ( Sangrand ) ਬਾਰੇ ਤੇ ਕਿਤਾਬ ਦੇ ਲੇਖਕ ਬਾਰੇ ਥੋੜ੍ਹੇ ਸ਼ਬਦਾਂ ’ਚ ਲਿਖਣ ਦਾ ਜੁੰਮਾ ਲੱਗਿਆ। ਸੋ ਸਭ ਤੋ ਘੱਟ ਸ਼ਬਦਾਂ ’ਚ ਤਾਂ ਮੇਰੀ ਲਿਖਤ ਇਹ ਹੈ ਕਿ “ਮੈਂ ਨਹੀਂ ਲਿਖ ਸਕਦਾ, ਕਿਸੇ ਹੋਰ ਤੋ ਲਿਖਵਾ ਲਵੋ!”

ਕਿਉਂਕਿ ਮੈਂ ਇਸ ਇਨਸਾਨ ਬਾਰੇ ਤੇ ਇਸ ਦੀਆਂ ਲਿਖਤਾਂ ਬਾਰੇ ਏਨਾ ਕੁਝ ਜਾਣਦਾ ਹਾਂ ਕਿ ਉਸ ’ਤੇ ਇਕ ਕਿਤਾਬ ਲਿਖਣੀ ਮੇਰੇ ਖੱਬੇ ਹੱਥ ਦਾ ਕੰਮ ਹੈ ਅਤੇ ਸੰਖੇਪ ’ਚ ਲਿਖਣਾ ਖ਼ਾਸਾ ਔਖਾ ਕੰਮ ਆ। ਪਰ ਚਲੋ ਕੋਈ ਨਾ ਔਖੇ ਕੰਮ ਵੀ ਬੰਦੇ ਹੀ ਕਰਦੇ ਆਏ ਆ, ਸੋ ਕੋਸ਼ਿਸ਼ ਕਰਦਾ ਹਾਂ।
ਮੋਗੇ ਜ਼ਿਲ੍ਹੇ ਦੇ ਪਿੰਡ ਰਾਊਕੇ ਕਲਾਂ ਦੇ ਧਾਲੀਵਾਲ ਪਰਿਵਾਰ ਦਾ ਜੰਮ ਪਲ਼ ਦਵਿੰਦਰ ਸਿੰਘ ਚੜ੍ਹਦੀ ਉਮਰੇ 2009 ’ਚ ਵੱਡੇ ਸੁਪਨੇ ਲੈ ਆਸਟ੍ਰੇਲੀਆ ਪੜ੍ਹਨ ਆ ਗਿਆ ਸੀ। ਅੰਤਾਂ ਦਾ ਲਾਪਰਵਾਹ ਤੇ ਸਿਰੇ ਦਾ ਬੇਪ੍ਰਵਾਹ ਹੈ ਦਵਿੰਦਰ। ਬੇਪਰਵਾਹੀ ਦੀ ਇਸੇ ਫ਼ਿਤਰਤ ਨੇ ਪ੍ਰਵਾਸ ਦੇ ਸ਼ੁਰੂਆਤੀ ਦੌਰ ’ਚ ਹੀ ਦਵਿੰਦਰ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਸੀ। ਹਰ ਇਕ ਦੇ ਧਿਜਣ ਦੀ ਫ਼ਿਤਰਤ ਨੂੰ ਕੁਝ ਕੁ ਗੈਰ ਸਮਾਜੀ ਲੋਕਾਂ ਨੇ ਭੁਨਾ ਲਿਆ। ਪਰ ਇਹ ਤਾਂ ਸ਼ੁਕਰ ਹੈ ਆਸਟ੍ਰੇਲੀਆ ਦੇ ਚੰਗੇ ਕਾਨੂੰਨ ਦਾ ਜਿਸ ਨੇ ਅਣਭੋਲ ਦਵਿੰਦਰ ਨੂੰ ਫੁੱਲ ਦੀ ਨਹੀਂ ਲੱਗਣ ਦਿੱਤੀ। ਪਰ ਇਹਨਾਂ ਵਰ੍ਹਿਆਂ ਦੌਰਾਨ ਉਸ ਦੀ ਪੜਾਈ ਪ੍ਰਭਾਵਿਤ ਹੋਈ ਤੇ ਉਹ ਆਪਣੇ ਨਾਲ ਦਿਆਂ ਨਾਲੋਂ ਪਛੜ ਗਿਆ।


ਮੇਰਾ ਮੇਲ ਦਵਿੰਦਰ ਨਾਲ਼ ਉਸ ਮੌਕੇ ਹੋਇਆ ਜਦੋਂ ਮੈਂ ਇਕ ਕਾਲਜ ਵਿਖੇ ਹੋਏ ਪੰਜਾਬੀ ਸਮਾਗਮ ’ਚੋ ਬਾਹਰ ਨਿਕਲ ਰਿਹਾ ਸੀ ਤਾਂ ਇਕ ਨੌਜਵਾਨ ਕੋਲ ਦੀ ਲੰਘਿਆ ਤੇ ਮੂੰਹ ’ਤੇ ਇਹ ਕਹਿ ਕੇ ਤੁਰਦਾ ਬਣਿਆ ਕਿ “ਰੱਬ ਨੇ ਕਲਮ ਵੀ ਦਿੱਤੀ ਆ ਤਾਂ ਕਿਹੋ ਜਿਹੇ ਬੰਦਿਆਂ ਨੂੰ!” ਇਕ ਬਾਰ ਤਾਂ ਉਸ ਨੌਜਵਾਨ ਦਾ ਇਹ ਤਾਨ੍ਹਾ ਸੀਨੇ ਵੱਜਿਆ, ਪਰ ਕੁਝ ਕੁ ਦਿਨਾਂ ’ਚ ਹੀ ਉਹ ਮੇਰਾ ਤੇ ਮੈਂ ਉਸ ਦਾ ਚਹੇਤਾ ਬਣ ਗਏ। ਕਦੇ ਉਹ ਮੈਨੂੰ ਛੋਟਾ ਵੀਰ ਮਹਿਸੂਸ ਹੁੰਦਾ, ਕਦੇ ਲਾਡਲਾ ਪੁੱਤ ਤੇ ਕਦੇ-ਕਦੇ ਅੜਬ ਬਾਪੂ। ਵਕਤ ਨਾਲ ਉਹ ਮੇਰੀ ਸੱਜੀ ਬਾਂਹ ਬਣ ਬੈਠਿਆ। ਉਹ ਫ਼ੱਕਰ ਇਨਸਾਨ ਹੈ। ਕਦੇ-ਕਦੇ ਇਕੱਲਾ ਬੈਠਾ ਜੁਆਕਾਂ ਵਾਂਗ ਹੱਸੀ ਜਾਂਦਾ। ਕਦੇ ਲੱਖ ਬੇਗਾਨੇ ਦੀ ਹਰਕਤ ਤੋ ਵੀ ਸ਼ਰਮ ਮੰਨ ਜਾਂਦਾ। ਕਿਸੇ ਕੰਮ ਨੂੰ ਸਿਰੇ ਨਹੀਂ ਲਾਉਂਦਾ, ਆਖੂ! “ਵਾਹਿਗੁਰੂ ਜੀ ਭਲੀ ਕਰਨਗੇ।“

Sangranad is a book of Punjabi poetry. This book has been written by Devinder Singh (Dhaliwal) living in Australia. To purchase this book in India, Charanjit Singh Teja (Amritsar) can be contacted at +91-8427001105.


ਉਹ ਭਾਵੇਂ ਕਿੱਡੀ ਮਹਿਫ਼ਲ ’ਚ ਬੈਠਾ ਹੋਵੇ ਪਰ ਅਸਲ ’ਚ ਉਹ ਉੱਥੇ ਨਹੀਂ ਹੁੰਦਾ। ਉਹ ਸੋਚਾਂ ਦੇ ਘੋੜਿਆਂ ਤੇ ਚੜ ਕੇ ਸਦਾ ਸਫ਼ਰ ਤੇ ਰਹਿੰਦਾ। ਲਿਖਣ ਲੱਗਿਆ ਲਿਹਾਜ਼ ਨਹੀਂ ਕਰਦਾ। ਅੰਦਰੋਂ ਪਿਆਰ ਨਾਲ ਲਬਾਲਬ ਹੈ ਪਰ ਕਦੇ-ਕਦੇ ਕੱਬਾ ਵੀ ਲਿਖ ਜਾਂਦਾ। ਮੇਰਾ ਉਸ ਵਿਚ ਅੰਨ੍ਹਾ ਵਿਸ਼ਵਾਸ ਹੈ। ਕਈ ਬਾਰ ਉਹ ਮੈਨੂੰ ਕਹਿ ਵੀ ਦਿੰਦਾ ਬਾਈ ਤੈਨੂੰ ਡਰ ਨਹੀਂ ਲੱਗਦਾ ਮੇਰੇ ਨਾਲ ਆਪਣੇ ਸਾਰੇ ਰਾਜ ਸਾਂਝੇ ਕਰਨ ਤੋਂ? ਫੇਰ ਆਪ ਹੀ ਹੱਸ ਕੇ ਕਹਿ ਦਿੰਦਾ ਕੋਈ ਨਾ ਬਾਈ ਮੈਂ ਤੇਰੇ ਮਗਰੋਂ ਤੇਰੇ ਤੇ ਕਿਤਾਬ ਲਿਖੂੰ । ਏਨਾ ਕਹਿ ਕੇ ਉੱਚੀ-ਉੱਚੀ ਹੱਸਣ ਲੱਗ ਜਾਂਦਾ ।


ਇਸ ਜਵਾਨੀ ਦੀ ਉਮਰ ’ਚ ਬਹੁਤ ਘੱਟ ਨੌਜਵਾਨ ਮਿਲਣਗੇ ਜਿਨ੍ਹਾਂ ਨੂੰ ਕੁੜੀਆਂ ’ਚੋ ਧੀ ਜਾਂ ਭੈਣ ਦਾ ਅਕਸ ਦਿਸਦਾ ਹੋਵੇ। ਪਰ ਦਵਿੰਦਰ ਨੂੰ ਦਿਸਦਾ, ਸੱਚੀ ਉਹ ਇਹੋ ਜਿਹਾ ਹੀ ਹੈ। ਲਿਖ ਲੈਂਦਾ, ਸਾਂਭਦਾ ਨਹੀਂ ਸੀ। ਦਲੀਲ ਦਿੰਦਾ “ਬਾਈ ਇਹ ਤਾਂ ਐਵੇਂ ਕਮਲ ਜਾ ਘੋਟਿਆ ਜਦੋਂ ਚੰਗਾ ਲਿਖਿਆ ਗਿਆ ਜ਼ਰੂਰ ਸਾਂਭ ਲਵਾਂਗਾ।“ ਮੇਰੇ ਜਿਹੇ ਚਾਰ ਅੱਖਰ ਝਰੀਟ ਕੇ ਆਪਣੇ ਆਪ ਨੂੰ ਲਿਖਾਰੀ ਸਮਝੀ ਜਾਂਦੇ ਹਨ ਪਰ ਮੈਂ ਦੇਖਿਆ ਕਿ ਉਹ ਮੇਰੇ ਵਰਗਿਆਂ ਤੋ ਕਈ ਗੁਣਾ ਚੰਗਾ ਲਿਖ ਕੇ ਵੀ ਕਹਿੰਦਾ ਬਾਈ ਹਾਲੇ ਗੱਲ ਨਹੀਂ ਬਣੀ।


ਪਰ ਸ਼ੁਕਰ ਹੈ ਹੁਣ ਦਵਿੰਦਰ ਆਪਣੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਣ ਲੱਗਿਆ ਹੈ। ਸ਼ੁਰੂ ਤੋ ਦਵਿੰਦਰ ਦੀ ਕਲਮ ਵੱਲੋਂ ਪੁੱਟੇ ਗਏ ਹਰ ਕਦਮ ਦਾ ਮੈਂ ਗਵਾਹ ਰਿਹਾ ਹਾਂ। ਉਸ ਦੀ ਲਿਖਤ ਦਾ ਆਗਾਜ਼ ਵੀ ਆਮ ਲੇਖਕਾਂ ਵਾਂਗ ਦੁਨਿਆਵੀ ਲੋਕਾਂ ਦੀ ਉਸਤਤ ਵਾਲੀ ਗ਼ਲਤੀ ਕਰਦਿਆਂ ਹੀ ਹੋਇਆ। ਪਰ ਛੇਤੀ ਉਸ ਨੂੰ ਦੋਹਰੇ ਕਿਰਦਾਰ ਦੀ ਇਸ ਦੁਨੀਆ ਦੇ ਅੰਦਰਲੇ ਸੱਚ ਦਾ ਅਹਿਸਾਸ ਹੋ ਗਿਆ ਤੇ ਉਸ ਤੋ ਬਾਅਦ ਉਸ ਦੀ ਹਰ ਰਚਨਾ ’ਚੋ ਸਿਰਫ਼ ਤੇ ਸਿਰਫ਼ ਅਕਾਲ ਦੀ ਉਸਤਤ ਹੀ ਝਲਕਦੀ ਰਹੀ ਹੈ।


ਮੈਨੂੰ ਇਸ ਗੱਲ ਦਾ ਸਦਾ ਮਾਣ ਰਹੇਗਾ ਕਿ ਮੈਂ ਉਸ ਦਾ ਪਹਿਲਾ ਪਾਠਕ ਰਿਹਾ ਹਾਂ ਤੇ ਪਹਿਲਾ ਐਡੀਟਰ ਵੀ, ਮੈਨੂੰ ਉਸ ਦੀਆਂ ਸੁੱਚੀਆਂ ਰਚਨਾਵਾਂ ਦਾ ਮੱਥਾ ਚੁੰਮਣ ਦਾ ਮੌਕਾ ਮਿਲਦਾ ਰਿਹਾ ਹੈ। ਉਸ ਦੇ ਕਈ ਕਾਰਨ ਹੋ ਸਕਦੇ ਹਨ। ਇਕ ਮੈਂ ਉਸ ਦੇ ਨੇੜੇ ਸਾਂ, ਦੂਜਾ ਉਸ ਨੂੰ ਦਿਲੋਂ ਸੁਣ ਲੈਂਦਾ ਸੀ ਤੇ ਤੀਜਾ ਉਸ ਦਾ ਸੰਗਾਊ ਸੁਭਾਅ। ਕਿਉਂਕਿ ਉਹ ਕਿਸੇ ਨੂੰ ਵੀ ਆਪਣੀ ਰਚਨਾ ਦਿਖਾਉਣ ਤੋ ਝਿਜਕ ਮਹਿਸੂਸ ਕਰਦਾ ਸੀ।


ਉਹ ਅਕਸਰ ਸੋਸ਼ਲ ਮੀਡੀਆ ’ਤੇ ਲੋਕਾਂ ਨਾਲ ਸਿੰਗ ਫਸਾ ਕੇ ਉਹਨਾਂ ਨੂੰ ਬੜੇ ਅਜੀਬ ਜਿਹੇ ਨਾਵਾਂ ਨਾਲ ਨਿਵਾਜ ਦਿੰਦਾ ਹੈ। ਇਕ ਦਿਨ ਦਾ ਕਿੱਸਾ ਸੁਣੋ ਉਹ ਕਿਸੇ ਨੂੰ ਬਾਰ-ਬਾਰ ਵਲੂੰਧਰਾ ਸਾਹਬ ਕਹਿ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਕਿ ਇਹ ਕਿਉਂ ਕਹਿ ਰਿਹਾ? ਇਸ ਦਾ ਕੀ ਮਤਲਬ ਹੈ। ਕਹਿੰਦਾ ਬਾਈ ਇਸ ਬੰਦੇ ਦਾ ਬਿਨਾਂ ਕਿਸੇ ਗੱਲ ਤੋਂ ਹਿਰਦਾ ਵਲੂੰਧਰਿਆ ਜਾਂਦਾ। ਸੋ ਆਪਾਂ ਏਸ ਨੂੰ ਇਸ ਨਾਮ ਨਾਲ ਹੀ ਨਿਵਾਜ ਦਿੱਤਾ।
ਸ਼ੁਰੂ ਦੇ ਦਿਨਾਂ ’ਚ ਉਹ ਪਿਆਰ ਮੁਹੱਬਤ ਦੀ ਕਵਿਤਾ ਨੂੰ ਵੀ ਬਕਵਾਸ ਕਹਿ ਦਿੰਦਾ ਸੀ। ਪਰ ਹੌਲੀ ਹੌਲੀ ਉਸ ਦੀ ਕਵਿਤਾ ’ਚੋਂ ਕਾਦਰ ਤੇ ਉਸ ਦੀ ਕੁਦਰਤ, ਉਸ ਦੇ ਰੰਗ, ਉਸ ਦੀਆਂ ਸਾਜੀਆਂ ਰੁੱਤਾਂ, ਉਸ ਵੱਲੋਂ ਬਖ਼ਸ਼ੀ ਅਨਮੋਲ ਮੁਹੱਬਤ ਦੀ ਉਸਤਤ ਨਿਕਲਣ ਲੱਗੀ। ਰਿਸ਼ਤਿਆਂ ਦਾ ਨਿੱਘ ਮਹਿਸੂਸ ਹੋਣ ਲੱਗਿਆ। ਗ਼ਰੀਬ, ਲਾਚਾਰ, ਬੇਬਸ ਅਤੇ ਕਿਰਤੀ ਲਈ ਹਾਅ ਦਾ ਨਾਅਰਾ ਵੱਜਣ ਲੱਗਿਆ। ਸੂਰਬੀਰ ਯੋਧਿਆਂ, ਸ਼ਹੀਦਾਂ, ਸੂਰਮਿਆਂ ਦਾ ਸਤਿਕਾਰ ਝਲਕਣ ਲੱਗਿਆ। ਹਾਕਮਾਂ, ਤਾਕਤਾਂ ਅਤੇ ਜ਼ਿਆਦਤੀਆਂ ਖ਼ਿਲਾਫ਼ ਲਲਕਾਰ ਗੂੰਜਣ ਲੱਗੀ।


ਹੁਣ ਉਹ ਆਪਣੀਆਂ ਅਣਗਿਣਤ ਰਚਨਾਵਾਂ ਵਿਚੋਂ “ਇਕੋਤਰ ਸੌ” ਰਚਨਾਵਾਂ ’ਸੰਗਰਾਂਦ’ ( Sangrand ) ਰੂਪੀ ਕਿਤਾਬ ’ਚ ਪਰੋ ਕੇ ਪਾਠਕਾਂ ਦੀ ਕਚਹਿਰੀ ’ਚ ਹਾਜ਼ਰੀ ਲਗਵਾ ਰਿਹਾ ਹੈ। ਮੇਰਾ ਤਾਂ ਉਸ ਨਾਲ ਦਿਲੀ ਲਗਾਊ ਹੈ ਸੋ ਮੈਨੂੰ ਤਾਂ ਉਸ ਵੱਲੋਂ ਲਿਖਿਆ ਹਰ ਸ਼ਬਦ ਚੰਗਾ ਲਗਦਾ ਹੀ ਹੈ ਪਰ ਇਹ ਕਿਤਾਬ ਉਸ ਦਾ ਸਾਹਿਤਿਕ ਕੱਦ ਤਹਿ ਕਰੇਗੀ। ਇਸ ਕਿਤਾਬ ਦੀ ਸੰਪਾਦਨਾ ਇਸ ਹਿਸਾਬ ਨਾਲ ਕੀਤੀ ਗਈ ਹੈ ਕਿ ਇਹ ਤੁਹਾਨੂੰ ਚੇਤਰ ਦੀ ਸੰਗਰਾਂਦ ਤੋਂ ਉਂਗਲ ਫੜ ਕੇ ਫੱਗਣ ਦੀ ਸੰਗਰਾਂਦ ਤੱਕ ਲੈ ਤੁਰੇਗੀ। ਜਿਸ ਦੌਰਾਨ ਰੁੱਤਾਂ ਸਮਿਆਂ ਮੁਤਾਬਕ ਸਾਰੇ ਰਸ ਤੁਹਾਨੂੰ ਕਦੇ ਮਾਣਮੱਤੇ ਅਤੀਤ ’ਚ ਲੈ ਜਾਣਗੇ ਕਦੇ ਵਿਰਸੇ ਰੂਪੀ ਖੇਸੀ ’ਚ ਲਪੇਟ ਲੈਣਗੇ ਤੇ ਕਦੇ ਧਰਮ ਨਾਲ ਲਬਰੇਜ਼ ਕਰ ਦੇਣਗੇ।


ਸ਼ਰਤ ਹੈ ਕਿ ਤੁਹਾਨੂੰ ਇਹ ਲਿਖਤਾਂ ਦਵਿੰਦਰ ਦੇ ਹਾਣ ਦਾ ਹੋ ਕੇ ਪੜ੍ਹਨੀਆਂ ਤੇ ਸਮਝਣੀਆਂ ਪੈਣਗੀਆਂ। ਮਤਲਬ ਉੱਚੇ ਨੀਵਾਂ ਹੋ ਕੇ ਅਤੇ ਨੀਵੇਂ ਉੱਚਾ ਉੱਠ ਕੇ। ਫੇਰ ਤੁਹਾਨੂੰ ਉਸ ਦੀਆਂ ਰਚਨਾਵਾਂ ਚੋਂ ਕਦੇ ਪਿੰਡ ਦਾ ਇਕ ਅਣਭੋਲ ਕਿਰਤੀ ਮੁੰਡਾ ਖਾਲ਼ਾਂ ਦੀਆਂ ਵੱਟਾਂ ਤੇ ਬੈਠਾ ਲਿਖਦਾ ਜਾਪੇਗਾ ਕਦੇ ਪ੍ਰਦੇਸ ’ਚ ਰਾਤ-ਰਾਤ ਭਰ ਉਨੀਂਦਰਾ, ਟੈਕਸੀ ਦੀ ਸੀਟ ਤੇ ਬੈਠਾ ਸਵਾਰੀ ਨੂੰ ਉਡੀਕਦਾ ਆਪਣੇ ਭਵਿੱਖ ਨਾਲੋਂ ਵੱਧ ਆਪਣੇ ਧਰਮ, ਵਿਰਸੇ ਅਤੇ ਇਤਿਹਾਸ ਪ੍ਰਤੀ ਚਿੰਤਤ ਗੱਭਰੂ ਜਾਪੇਗਾ।


ਬਹੁਤ ਪਹਿਲਾਂ ਇਕ ਸਮਾਗਮ ’ਚ ਮੈਂ ਦਵਿੰਦਰ ਬਾਰੇ ਬੋਲਦਿਆਂ ਇਹ ਦਾਅਵਾ ਕੀਤਾ ਸੀ ਕਿ ਮੇਰੇ ਇਹ ਬੋਲ ਚੇਤੇ ਰੱਖਿਓ, ਜਦੋਂ ਕਦੇ ਸਾਲਾਂ ਬਾਅਦ ਆਸਟ੍ਰੇਲੀਆ ’ਚ ਮਾਂ ਬੋਲੀ ਦੇ ਲੇਖਕਾਂ ਦਾ ਲੇਖਾ-ਜੋਖਾ ਹੋਵੇਗਾ ਤਾਂ ਇਹ ਤਾਰਾ ਅੰਬਰਾਂ ਦੇ ਸਿਰ ਚੜ੍ਹ ਕੇ ਬੋਲੇਗਾ। ਸੋ ਹੁਣ ਜਦੋਂ ਦਵਿੰਦਰ ਦੀ ਕਲਮ ’ਚੋ ਨਿਕਲੀਆਂ ਰਚਨਾਵਾਂ ਪੰਜਾਬੀ ਫ਼ਿਲਮਾਂ ਦਾ ਅਤੇ ਯੂ ਟਿਊਬ ਦਾ ਸ਼ਿੰਗਾਰ ਬਣਦੀਆਂ ਹਨ ਤਾਂ ਬੜੀ ਖ਼ੁਸ਼ੀ ਮਹਿਸੂਸ ਹੁੰਦੀ ਹੈ।
ਉਹ! ਮੈਂ ਤਾਂ ਸੰਖੇਪ ’ਚ ਲਿਖਣ ਲੱਗਿਆ ਸੀ! ਮਾਫ਼ੀ ਚਾਹੁੰਦਾ! ਬਹਿਣ ’ਚ ਬਹਿ ਗਿਆ ਸੀ! ਗੱਲ ਲਪੇਟ ਦੇ ਹਾਂ। ਆਸਟ੍ਰੇਲੀਆ ਦਸ ਕੁ ਵਰ੍ਹੇ ਪਰਵਾਸ ਹੰਢਾ ਕੋਵਿਡ ਕਾਲ ਦੌਰਾਨ ਉਹ ਆਪਣੇ ਪਿੰਡ ਰਾਊਕੇ ਕਲਾਂ ਮੁੜ ਗਿਆ ਸੀ ਤੇ ਅੱਜ ਕੱਲ੍ਹ ਉੱਥੇ ਹੀ ਰਹਿੰਦਾ। ਪਰ ਮੈਂ ਉਸ ਦੇ ਉਹ ਬੋਲ ਆਸਟ੍ਰੇਲੀਆ ਵੱਸਦਾ ਮਹਿਸੂਸ ਕਰਦਾ ਰਹਿੰਦਾ ਹਾਂ ਜੋ ਅਕਸਰ ਮੈਨੂੰ ਐਡੀਲੇਡ ਰਹਿੰਦਾ ਫ਼ੋਨ ਤੇ ਕਹਿੰਦਾ ਹੁੰਦਾ ਸੀ ਵੱਡੇ ਬਾਈ ਕਿੱਥੇ ਆ ਤੂੰ ? ਆ ਜਾ ਘਰੇ, ਚਾਹ ਪੀਂਦੇ ਹਾਂ ।

ਮਿੰਟੂ ਬਰਾੜ
ਆਸਟ੍ਰੇਲੀਆ